ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

 *ਲੋਕ ਗੀਤ*

🍃🌺🍃

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

ਕੋਈ ਕਰ ਦੀਆਂ ਗਲੋੜੀਆਂ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ

ਕੋਈ ਟੁੱਟਦੀ ਏ ਕਹਿਰਾਂ ਦੇ ਨਾਲ

ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।


ਦੂਰੋਂ ਤੇ ਆਈ ਸਾਂ ਚੱਲ ਕੇ ਨੀ ਮਾਏ

ਤੇਰੇ ਦਰ ਵਿੱਚ ਰਹੀਆਂ ਖਲੋ

ਭਾਬੀਆਂ ਨੇ ਪੁੱਛਿਆ ਈ ਸੁਖ ਸੁਨੇਹਾ

ਵੀਰਾਂ ਨੇ ਦਿੱਤਾ ਪਿਆਰ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਚੋਲੀ ਨੂੰ ਆਈਆਂ ਨੀ ਅਰਕਾਂ ਨੀ ਮਾਏ

ਮੇਰੇ ਸਾਲੂ ਨੂੰ ਆਇਆ ਲੰਗਾਰ

ਅੱਗੇ ਤੇ ਮਿਲਦੀ ਸੈਂ ਨਿੱਤ ਨੀ ਮਾਏ

ਹੁਣ ਦਿੱਤਾ ਈ ਕਾਹਨੂੰ ਵਿਸਾਰ

ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।


ਕੋਠੇ ਤੇ ਚੜ੍ਹ ਕੇ ਵੇਖਦੀ ਨੀ ਮਾਏ

ਕੋਈ ਵੇਖਦੀ ਵੀਰੇ ਦਾ ਰਾਹ

ਦੂਰੋਂ ਤੇ ਵੇਖਾਂ ਮੇਰਾ ਵੀਰ ਪਿਆ ਆਏ

ਮੇਰੇ ਆਇਆ ਸਾਹ ਵਿੱਚ ਸਾਹ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਜਿੰਦ ਨਿਮਾਣੀ ਮਾਏ ਹੌਕੇ ਭਰਦੀ

ਤੇਰੇ ਬਿਨਾ ਮੇਰਾ ਕੋਈ ਨਾ ਦਰਦੀ

ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।


ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

ਕੋਈ ਕਰ ਦੀਆਂ ਗਲੋੜੀਆਂ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਬੂਹੇ ਤੇ ਬਹਿਨੀਆਂ ਆਥਣੇ ਨੀ ਮਾਏ

ਮੈਂ ਲਵਾਂ ਭਰਾਵਾਂ ਦਾ ਨਾਂ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਕਿਸੇ ਗੁਆਂਢਣ ਨੇ ਆਖਿਆ ਨੀ ਮਾਏ

ਤੇਰਾ ਆਇਆ ਈ ਪਿਉ ਭਰਾ

ਮਨ ਵਿੱਚ ਹੋਈਆਂ ਨੇ ਸ਼ਾਦੀਆਂ ਨੀ ਮਾਏ

ਮੇਰੇ ਵਿਹੜੇ ਨੂੰ ਲੱਗਾ ਏ ਚਾਅ

ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।


ਭਾਬੀਆਂ ਅੰਗ ਸਹੇਲੀਆਂ ਨੀ ਮਾਏ

ਮੇਰੇ ਵੀਰਾਂ ਦੀ ਠੰਢੜੀ ਛਾਂ

ਭਾਬੀਆਂ ਮਾਰਨ ਜੰਦਰੇ ਨੀ ਮਾਏ

ਮੇਰਾ ਹੁਣ ਕੋਈ ਦਾਅਵਾ ਵੀ ਨਾ

ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ।


ਮਿੱਟੀ ਦਾ ਬੁੱਤ ਮੈਂ ਬਣਾਨੀਆਂ ਨੀ ਮਾਏ

ਉਹਦੇ ਗਲ ਲੱਗ ਕੇ ਰੋ ਨੀ ਲਾਂ

ਮਿੱਟੀ ਦਾ ਬੁੱਤ ਨਾ ਬੋਲਦਾ ਨੀ ਮਾਏ

ਮੈਂ ਰੋ ਰੋ ਹਾਲ ਗੰਵਾ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।


ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

ਕੋਈ ਕਰ ਦੀਆਂ ਗਲੋੜੀਆਂ

ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ ।

🍃🌺🍃


📘📒*ਪੰਜਾਬ-ਪੰਜਾਬੀ-ਪੰਜਾਬੀਅਤ*📒📘

┈┈┈ ┈┉❀🍃🌺🍃❀┉┈ ┈┈┈

ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ


ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ

ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ


ਚੰਨ ਏਕਮ ਦਾ, ਫੁੱਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ

ਕਿੰਨੇ ਖ਼ੰਜਰ ਅੱਖਾਂ ਸਾਂਹਵੇਂ ਲਿਸ਼ਕਣ ਵਾਰੋ ਵਾਰ


ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ

ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ


ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ

ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ


ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ

ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ


ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ਤੇ

ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ


ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ

ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ


ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ

ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ


ਕਵਿਤਾ: ਸੁਰਜੀਤ ਪਾਤਰ


┈┈┈ ┈┉❀🍃🌺🍃❀┉┈ ┈┈┈

ਰੁੱਖ ਦਾ ਦਰਦ : ਕਵਿਤਾ


ਆ ਬੈਠ ਤੈਨੂੰ ਦਰਦ ਸੁਣਾਵਾਂ,ਡਾਢਾ ਮੈਂ ਦੁਖਿਆਰਾ।

ਜਿੰਨਾਂ ਨੇ ਮਾਣੀ ਛਾਂ ਮੇਰੀ,ਅੱਜ ਚੁੱਕੀ ਫਿਰਦੇ ਆਰਾ।


ਪਤਾ ਨੀ ਕਦੋਂ ਵਾਰੀ ਆ ਜਾਏ,ਗਿਣ ਗਿਣ ਦਿਨ ਲੰਘਾਵਾਂ।

ਮੇਰੇ ਨਾਲ ਦੇ ਰੁੱਖ ਜਿੰਨੇ ਸੀ ,ਛੱਡ ਗਏ ਘਣੀਆਂ ਛਾਵਾਂ।


ਵੱਡੀਆਂ ਸੜਕਾਂ, ਉੱਚੇ ਪੁੱਲਾਂ ਨੇ,ਕਿੰਨੇ ਰੁੱਖ ਮੁਕਾਏ।

ਵਧੀ ਅਬਾਦੀ, ਘਰ ਕੋਠੀਆਂ ,ਸਾਨੂੰ ਵੱਢ ਵੱਢ ਪਾਏ।


ਜਿਹੜੇ ਦਿਸਦੇ, ਔਹ ਖੜੇ ਨੇ ,ਮੇਰੇ ਨਾਲ ਦੇ ਸਾਥੀ।

ਸਾਨੂੰ ਕੱਟਣਾ, ਲਾਉਣ ਸਕੀਮਾਂ, ਜੋ ਕਰਦੇ ਸੀ ਰਾਖੀ।


ਬੜਾ ਰੁੱਖ, ਦੁੱਖੀ ਸੀ ਲੱਗਦਾ,ਹੁੱਬਕੀਂ ਹੁੱਬਕੀਂ ਰੋਵੇ,l।

ਥਾਂ ਉਸ ਨੂੰ, ਕੋਈ ਨਾ ਦਿਸਦੀ,ਜਿੱਥੇ ਜਾ ਖਲੋਵੇ।


ਦੇ ਕੇ ਸ਼ੁੱਧ ਹਵਾ ਅਸੀਂ ਵਾਤਾਵਰਨ  ਬਚਾਈਏ।

ਪਰ "ਪੱਤੋ" ਮਨੁੱਖ ਗੁਣ ਨਾ ਜਾਣੇ,ਅਸੀਂ ਜਾਨ ਗਵਾਈਏ।


†***************************

ਹਰਪ੍ਰੀਤ ਪੱਤੋ

 ਪਿੰਡ :: ਪੱਤੋ ਹੀਰਾ ਸਿੰਘ ( ਮੋਗਾ )

 ਫੋਨ ਨੰਬਰ :; 94658-21417.

****************************

┈┈┈ ┈┉❀🍃🌺🍃❀┉┈ ┈┈┈


ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

 *ਲੱਗੀ ਨਜ਼ਰ ਪੰਜਾਬ ਨੂੰ*


ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ

ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।


ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ

ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ

ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ

ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ


ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ

ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ

ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ

ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ


ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ

ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ


ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ

ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ


ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ

ਸਭ ਕੁਝ ਅੱਗ ਵਿਚ ਸੜ ਗਿਆ

ਮਿਰਚਾਂ ਨਾ ਸੜੀਆਂ

ਉਹ ਮਿਰਚਾਂ ਜ਼ਹਿਰੀਲੀਆਂ

ਏਦ੍ਹੇ ਸਿਰ ਤੋਂ ਵਾਰੋ

ਸਿਰ ਤੋਂ ਵਾਰੋ ਵਾਰ ਕੇ

ਅੱਗ ਦੇ ਵਿਚ ਸਾੜੋ ।


ਅੱਗ ਪਿਤਰਾਂ ਦੀ ਜੀਭ ਹੈ

ਓਦੀ ਭੇਟਾ ਚਾੜ੍ਹੋ

ਉਹ ਪਿਤਰਾਂ ਦਾ ਬੀਜਿਆ

ਬੀਤੇ ਸੰਗ ਸਾੜੋ ।


ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।


ਕਵੀ: ਸੁਰਜੀਤ ਪਾਤਰ



ਯਾਦ ਕਰਾਤੀ ਨਾਨੀ


ਪਹਿਲਾਂ ਹੀ ਭਾਅ ਸਬਜ਼ੀਆਂ ਦੇ ਚੜ੍ਹੇ ਪਏ ਅਸਮਾਨੀ,

ਹੁਣ ਤਾਂ ਯਾਰੋ ਦਾਲਾਂ ਨੇ ਵੀ ਯਾਦਕਰਾਤੀ ਨਾਨੀ।


ਕੀ ਲਿਆਵੇ ਕੀ ਛੱਡੇ ਬੰਦਾ ਸਨ ਵਿਚਾਲੇ ਫੱਸੇ,

ਜਦ ਸੋਦੇ ਦਾ ਭਾਅ ਪੁੱਛੀਏ ਤਾਂ ਲਾਲਾ ਬੈਠਾ ਹੱਸੇ।


ਧੋਤੀ ਮੂੰਗੀ, ਦਾਲ ਮਸਰੀ ਦੀ ਸੌਤੋਂ ਉੱਪਰ ਹੋਈ,

ਛੋਲੇ , ਮਾਂਹ, ਹਰ-ਹਰ ਆਖੇ ਹੱਥ ਨਾ ਲਾਵੇ ਕੋਈ।


ਸਬਜ਼ੀ ਮਹਿੰਗੀ ਦਾਲ ਧਰ ਲਓ, ਆਖਣ ਲੋਕ ਸਿਆਣੇ,

ਚਟਨੀ ਵੀ ਹੁਣ ਮਹਿੰਗੀ ਪੈਂਦੀ ਵਿੱਚ ਗੰਢੇ ਕਿਸ ਨੇ ਪਾਣੇ।


ਜਿਉਂਣਾ ਦੁੱਭਰ ਹੋਇਆ ਇੱਥੇ, ਲੋਕ ਕਿੱਧਰ ਨੂੰ ਜਾਵਣ,

ਆਪ ਨੇਤਾ ਫਾਈਵਸਟਾਰਾਂ ਵਿੱਚ ਚੰਗੇ ਭੋਜਨ ਖਾਵਣ


ਓਏ? ਕੁਝ ਤਾਂ ਸੋਚੋ ਲੋਕਾਂ ਬਾਰੇ ਇਹ ਕੀ ਲੋਹੜਾ ਪੈ ਗਿਆ,

ਕਿਤੇ ਗੁਆਂਢੀ ਮੁਲਕ ਵਾਲਾ ਹਾਲ ਨਾ ਹੋ ਜਾਏ, ਪੱਤੋ, ਸੋਚਣ ਬਹਿ ਗਿਆ।


*ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ*

*ਫੋਨ ਨੰਬਰ +91-94658-21417*


The Punjab✧❂✧Newsroom

┈┈┈ ┈┉❀🍃🌺🍃❀┉┈ ┈┈┈

ਓਹੀ : ਕਵਿਤਾ


ਉਹ ਤੰਗਲੀ, ਉਹ ਤੂੜੀ, ਕੰਬਾਇਨ, ਹੜੰਬੇ⁣

ਉਹ ਧੂੜਾਂ, ਕਸੀਰ, ਉਹ ਜਾਲ਼ੇ, ਉਹ ਫੰਬੇ⁣


ਉਹ ਢੀਂਗੇ, ਘਾਹ ਰੋਲਣੇ, ਉਹ ਬੱਠਲ 'ਤੇ ਪੱਲੀ⁣

ਉਹ ਭਰੀਆਂ, ਉਹ ਰੁੱਗਾਂ ਦੀ ਮੰਡਲੀ ਇਕੱਲੀ⁣


ਉਹ ਕੁੱਪ, ਉਹ ਦਾਣੇ, ਉਹ ਤੌੜੇ 'ਤੇ ਮੱਘੇ⁣

ਉਹ ਮੈਸੀ, ਉਹ ਆਸ਼ੇ, ਉਹ ਮੀਣੇ 'ਤੇ ਬੱਗੇ⁣


ਉਹ ਚੋਂਦੀਆਂ ਧੁੱਪਾਂ, ਉਹ ਮਾਰੇ ਮੜ੍ਹਾਸੇ⁣

ਉਹ ਗਰਦਾ, ਉਹ ਕੰਡ, ਉਹ ਗੁੜ 'ਤੇ ਪਤਾਸੇ⁣


ਉਹ ਪਿੜ ਦੇ ਦੁਆਲੇ ਉਹ ਬੰਦਿਆਂ ਦਾ ਜੁੜਨਾ⁣

ਹੁਣ ਆ ਗਏ ਤਾਂ ਬੱਸ ਦਾਣੇ ਕੱਢ ਕੇ ਈ ਮੁੜਨਾ⁣


ਉਹ ਟੋਕੇ ਦੇ ਦੰਦੇ, ਉਹ ਰੇਤੀ 'ਤੇ ਪਾਨੇ⁣

ਉਹ ਕਹੀਆਂ ਦੇ ਪੀਨ 'ਤੇ ਕਸੀਏ ਦੇ ਫਾਨੇ⁣


ਉਹ ਬੋਹਲਾਂ ਦੀ ਮਿਣਤੀ ਤੇ ਰੱਸੀ ਨੂੰ ਗੰਢਾਂ⁣

ਉਹ ਇੱਕੀਵੇਂ ਹਿੱਸੇ ਤੇ ਦਾਣੇ ਵੀ ਵੰਡਾਂ⁣


ਉਹ ਖਿੱਲਰੀਆਂ ਬੱਲੀਆਂ, ਉਹ ਘਾਹ ਤੇ ਉਹ ਕਰਚੇ⁣

ਉਹ ਮੰਡੀ ਦੀਆਂ ਖਬਰਾਂ ਤੇ ਰੇਟਾਂ ਦੇ ਚਰਚੇ⁣


ਉਹ ਰੁੱਗ ਲਾਉਣ ਵਾਲਿਆਂ ਦਾ ਭਰੀਆਂ ਦਾ ਮਿਹਣਾ⁣

ਕਹਿੰਦੇ ਹੋਜੋ ਤਕੜੇ ਸਿਰ ਚੱਕਣ ਨਹੀਂ ਦੇਣਾ⁣


ਉਹ ਲੱਸੀ ਦਾ ਡੋਲੂ, ਉਹ ਤਿੱਖੜ ਦੁਪਹਿਰਾ⁣

ਉਹ ਤੂਤਾਂ ਦੇ ਉੱਤੇ ਉਹ ਕੋਇਲਾਂ ਦਾ ਪਹਿਰਾ⁣


ਉਹ ਵੱਟਾਂ ਦੇ ਕੋਲੇ ਟਟੀਹਰੀ ਦੇ ਆਂਡੇ⁣

ਉਹ ਜੀਵ ਬਚਾਉਣੇ ਤੇ ਛੱਡ ਦੇਣੇ ਟਾਂਡੇ⁣


ਉਹ ਖਾਲ਼ਾਂ ਨੂੰ ਅੱਟਣਾ ਤੇ ਲਾਂਘੇ ਬਣਾਉਣੇ⁣

ਟਰਾਲੀ ਨਾ ਖੁੱਭੇ ਤੇ ਰੋੜੇ ਸਟਾਉਣੇ⁣


ਉਹ ਝੇਡਾਂ, ਮਖੌਲ, ਉਹ ਹਾਸੇ ਤੇ ਠੱਠੇ⁣

ਇੱਕ ਘਰੇ ਕੰਮ ਤੇ ਕਈ ਘਰ ਕੱਠੇ⁣


ਉਹ ਤੂੜੀ ਦੀਆਂ ਪੰਡਾਂ ਉਹ ਜੋਰ ਅਜਮਾਈ⁣

ਤੂੰ ਸਬਾਤ ਚ ਚੱਲ ਕਾਕਾ ਪੰਡਾਂ ਖੁਲਾਈਂ⁣


ਉਹ ਗੇੜੇ ਦਾ ਮੁੜਨਾ ਤੇ ਪੱਲੀਆਂ ਦੀ ਗਿਣਤੀ⁣

ਉਹ ਦਮ ਲੈਣ ਬਹਿਣਾ ਤੇ ਡੀਜਲ ਦੀ ਮਿਣਤੀ⁣


ਉਹ ਸੰਦ ਸੱਪਾ ਸਾਂਭ ਆਉਂਦੇ ਸਾਲਾਂ ਲਈ ਰੱਖਣਾ⁣

ਫਿਰ ਨਰਮਾ ਬਿਜਾਈ ਤੇ ਕਸੀਆ ਜਾ ਚੱਕਣਾ⁣


ਇੰਞ ਕਰਦੇ ਕਰਾਉਂਦੇ ਹੀ ਜਿੰੰਦਗੀ ਦਾ ਲੰਘਣਾ⁣

ਉਹ ਸ਼ੁਕਰ ਦੀ ਖਾਣੀ ਸਰਬੱਤ ਭਲਾ ਮੰਗਣਾ⁣


ਉਹ ਦੇਹਾਂ ਦੀ ਤੰਦਰੁਸਤੀ ਦਾ ਸ਼ੁਕਰ ਮਨਾਵਣਾ⁣

⁣ਉਹ ਹੇ ਸੱਚੇ ਪਾਤਸ਼ਾਹ! ਤੇਰਾ ਦਿੱਤਾ ਖਾਵਣਾ⁣

ਕੁਲਵਿੰਦਰ ਕੁਮਾਰ ਸ਼ਰਮਾ🌹

┈ ┈┉❀🍃🌺🍃❀┉┈ ┈


📢*The Punjab✧❂✧Newsroom*📢

┈┈┈ ┈┉❀🍃🌺🍃❀┉┈ ┈┈┈

ਬਾਬਾ ਨਜ਼ਮੀ

 ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।


ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।



ਬਾਬਾ ਨਜਮੀ...