ਨਕਲੀ ਦੁੱਧ ਬਨਾਮ ਮੱਝਾਂ ਰੱਖਣ ਦਾ ਸੀਮਤ ਹੁੰਦਾ ਵਰਤਾਰਾ
ਤੇ ਅਚਾਰ(silage)ਪਾਉਣਾ Vs ਮੱਝਾਂ ਚਰਾਉਣਾ
#jacknamaexcluisve
ਦੁੱਧ ਹਮੇਸ਼ਾ ਹੀ ਪੰਜਾਬੀਆਂ ਦੀ ਖੁਰਾਕ ਦਾ ਧੁਰਾ ਰਿਹਾ ਹੈ।ਤੜਕੇ ਸੰਦੇਹਾਂ ਪਿੰਡਾਂ ਦੀਆਂ ਸੁਆਣੀਆਂ ਚੁੱਲ੍ਹੇ ਅੱਗ ਪਾ ਕੇ ਸਭ ਤੋਂ ਪਹਿਲਾਂ ਚਾਹ ਦਾ ਪਤੀਲਾ ਧਰਦੀਆਂ ਰਹੀਆਂ ਹਨ,ਹੁਣ ਇਹ ਸਫ਼ਰ ਗੈਸੀ ਚੁੱਲ੍ਹੇ’ਤੇ piezo-electric crystal ਵਾਲੇ ਲਾਈਟਰਾਂ ਨਾਲ ਲਾਈ ਅੱਗ ਤੱਕ ਪਹੁੰਚ ਚੁੱਕਾ ਹੈ।
ਦਿਨ ਵੇਲੇ ਲੱਸੀ,ਦਹੀਂ,ਮੱਖਣ,ਘਿਓ,ਮਲਾਈ,ਪਨੀਰ ਵਰਤਦਿਆਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਗਿਲਾਸ ਨਾਲ ਹੀ ਦਿਨ ਖ਼ਤਮ ਹੁੰਦਾ ਹੈ।
ਸ਼ਹਿਰਾਂ’ਚ ਰਹਿਣ ਦੀ ਆਪਣੀ ਮਜ਼ਬੂਰੀ ਹੈ।ਪਰ ਹੁਣ ਪਿੰਡਾਂ’ਚ ਵੀ ਖੁੱਲ੍ਹਦਿਲੀ ਨਾਲ ਮੱਝਾਂ ਰੱਖਣ ਦਾ ਰਿਵਾਜ ਘਟਦਾ ਜਾਂਦਾ ਹੈ।ਹਰ ਕੋਈ ਪਸ਼ੂ ਰੱਖਣ ਦੇ ਤਰੱਦਦ ਤੋਂ ਬਚਣਾ ਚਾਹੁੰਦਾ ਹੈ।ਜਿਹੜਾ ਮੇਰੇ ਵਰਗਾ ਇੱਕ ਅੱਧੀ ਰੱਖਦਾ ਹੈ,ਤਾਂ ਸਲਾਹ ਦਿੱਤੀ ਜਾਂਦੀ ਹੈ “ਮਾਸਟਰਾ!ਤੂੰ ਕਿਉਂ ਟੱਕਰਾਂ ਮਾਰਦਾ,ਆਵਦਾ ਟੌਹਰ ਨਾਲ ਮੁੱਲ ਲਿਆ ਕਰ!”
ਪਰ ਇਸ ਟੌਹਰ ਦੀ ਅਸਲ ਸੱਚਾਈ ਬਹੁਤ ਘਿਣਾਉਣੀ ਹੈ।ਭਾਰਤ’ਚ ਜਿੰਨਾ ਦੁੱਧ ਪੈਦਾ ਹੁੰਦਾ ਹੈ,ਉਸ ਤੋਂ ਦੁੱਗਣੇ ਤੋਂ ਵੀ ਵੱਧ ਦਿਖਾਇਆ ਜਾਂਦਾ ਹੈ।ਮਿਲਵਾਟੀ ਤੇ ਨਕਲੀ ਦੁੱਧ ਦਾ ਗੋਰਖ ਧੰਦਾ ਬਹੁਤ ਵੱਡੇ ਪੱਧਰ'ਤੇ ਹੈ।
ਕਿਸੇ ਵਕਤ ਦੁੱਧ’ਚ ਪਾਣੀ ਪੈਂਦਾ ਸੀ।ਜੋ ਗਲਤ ਤਾਂ ਸੀ ਪਰ ਜਾਨਲੇਵਾ ਨਹੀਂ ਸੀ,ਪਰ ਹੁਣ ਤਾਂ ਸਿਰਫ਼ ਤੇ ਸਿਰਫ਼ ਮੁਨਾਫ਼ੇ ਲਈ ਕੰਮ ਕਰਦੇ ਵਪਾਰੀ ਲੋਕਾਂ ਨੇ ਨਕਲੀ ਦੁੱਧ ਘਰੋਂ ਹੀ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ।ਇਹ ਕੋਈ ਛੋਟਾ ਅਪਰਾਧ ਨਹੀਂ ਹੈ,ਸਗੋਂ ਕੈਮੀਕਲਾਂ ਤੋਂ ਬਣਾਇਆ ਅਜਿਹਾ ਦੁੱਧ ਵੇਚਣਾ ਪੀਣ ਵਾਲਿਆਂ ਨੂੰ ’ਧੀਮੀ ਮੌਤ’(slow death)ਮਾਰਨਾ ਹੈ।ਇਸਦੀ ਸ਼ਜਾ ਵੀ ਉਸ ਹਿਸਾਬ ਨਾਲ ਮਿਲਣੀ ਬਣਦੀ ਹੈ।
ਸਾਡੇ ਸਭ ਦੇ ਸਨਮੁਖ ਇਹ ਵੱਡਾ ਸਵਾਲ ਹੈ ਕਿ ਸਾਡੇ ਘਰਾਂ’ਚ ਪਏ ਗੋਲੀਆਂ ਦੇ ਪੱਤਿਆਂ ਤੇ ਡਾਕਟਰਾਂ ਦੇ ਗੇੜਿਆਂ’ਚ ਰੇਹਾਂ ਸਪਰੇਆਂ ਵਾਲੇ ਖਾਣਿਆਂ-ਦਾਣਿਆਂ ਤੋਂ ਬਿਨਾਂ ਸਾਡੇ ਘਰਾਂ’ਚ ਵਰਤੇ ਜਾਂਦੇ ਦੁੱਧ ਦਾ ਵੀ ਕੋਈ ਰੋਲ ਹੈ? ਜੇ ਹਾਂ ਤਾਂ ਕਿੱਡਾ?
ਮਾਲਵੇ'ਚ ਬਠਿੰਡੇ ਜ਼ਿਲ੍ਹੇ ਦੇ ਵੱਡੇ ਪਿੰਡ ਬਾਲ਼ਿਆਂਵਾਲ਼ੀ'ਚ ਅੱਜ ਖੁੱਲ੍ਹੇ ਛੱਡੇ ਗਏ ਸਵਾ ਕਿੱਲੇ'ਚ ਮਾਨਸੂਨ ਨਾਲ ਹਰੇ ਕਚੂਰ ਘਾਹ ਨਾਲ ਭਰੇ ਮੈਦਨ'ਚ ਗੁੱਜਰਾਂ ਨੂੰ ਮੱਝਾਂ ਦੇ ਵੱਗ ਨੂੰ ਚਾਰਦਿਆਂ ਦੇਖਿਆ ਤਾਂ ਮਨ ਖ਼ੁਸ਼ ਹੋ ਗਿਆ।ਇਹ ਗੁੱਜਰ ਨਕੋਦਰ ਦੀ ਬੁੱਕਲ'ਚ ਵਸੇ ਹੋਏ ਪਿੰਡ ਟੁੱਟ ਸ਼ੇਰ ਸਿੰਘ ਤੋਂ ਹਨ ਤੇ ਚਲੋ-ਚਾਲ ਮਹੀਨਿਆਂ ਬੱਧੀ ਪਸ਼ੂ ਚਰਾਉਂਦਿਆਂ ਅੱਗੇ ਵਧਦੇ ਰਹਿੰਦੇ ਹਨ।ਇਹਨਾਂ ਕੋਲ ਨਾਲ ਸਵਰਾਜ ਟਰੈਕਟਰ ਹੈ ਜਿਸ'ਚ ਰਹਿਣ ਦਾ ਜ਼ਰੂਰੀ ਸਮਾਨ ਹੁੰਦਾ ਹੈ ਤੇ ਦੋ ਮੋਟਰਸਾਇਕਲ ਵੀ ਰੱਖੇ ਹੋਏ ਹਨ।ਇਸ ਰਾਹੀਂ ਉਹ ਨੇੜੇਲੇ ਕਿਸੇ ਡੇਅਰੀ'ਤੇ ਦੁੱਧ ਪਾਉਣ ਜਾਂਦੇ ਹਨ।ਅੱਜ ਕੱਲ੍ਹ ਉਹ ਮੰਡੀ ਕਲਾਂ ਰੋਜ਼ ਦਾ ਡੇਢ ਮਣ ਦੇ ਕਰੀਬ ਦੁੱਧ ਪਾ ਰਹੇ ਹਨ।
ਗੁੱਜਰਾਂ ਮੁਤਾਬਿਕ ਉਹ ਆਮ ਤੌਰ'ਤੇ ਮੱਝਾਂ ਨਹੀਂ ਵੇਚਦੇ ਹਨ,ਹਾਂ ਕੱਟੀਆਂ ਖਰੀਦ ਜ਼ਰੂਰ ਲੈਂਦੇ ਹਨ।ਉਹ ਦੁੱਧ ਵੀ ਇੱਕੋ ਸਮੇਂ ਹੀ ਆਥਣ ਵੇਲੇ ਚੋਂਦੇ ਹਨ।
ਲੋਕਲ ਬਾਲ਼ਿਆਂਵਾਲ਼ੀ ਪਿੰਡ ਦੇ ਪਸ਼ੂ-ਪਾਲਕ ਕਿਤੇ ਗਾਹੇ-ਬਗਾਹੇ ਹੀ ਇੱਥੇ ਮੱਝਾ ਛੱਡਦੇ ਹਨ,ਹਾਲਾਂਕਿ ਆੜਤੀਏ ਨੇ ਇਹ ਟੱਕ ਹਾੜੀ ਤੇ ਸਾਉਣੀ ਦੀ ਰੁੱਤੇ ਕਣਕ ਤੇ ਝੋਨੇ ਦੀ ਖਰੀਦ ਲਈ ਰੱਖਿਆ ਹੋਇਆ ਹੈ।ਮੰਡੀ ਦੇ ਸੀਜਨਾਂ ਨੂੰ ਛੱਡ ਕੇ ਸਾਲ ਦਾ ਜ਼ਿਆਦਾਤਰ ਸਮਾਂ ਇਹ ਵਿਹਲਾ ਹੀ ਰਹਿੰਦਾ ਹੈ।
ਪਿੰਡ ਦੇ ਬਜ਼ੁਰਗ ਨੇ ਦੱਸਿਆ ਕਿ ਮੱਝਾਂ ਬਹੁਤਾ ਘਾਹ ਚਰਦੀਆਂਂ ਵੀ ਨਹੀਂ ਹਨ,ਕਿੳਂਕਿ ਉਹ 'ਚਾਰ ਤੇ ਲੱਗੀਆਂ ਹੋਈਆਂ ਹਨ।
ਮੱਕੀ ਦਾ ਅਚਾਰ ਪਾਉਣ ਦਾ ਰੁਝਾਨ ਪੰਜਾਬ'ਚ ਵਿਆਪਕ ਪੱਧਰ'ਤੇ ਹੈ,ਜੋ ਤਾਜ਼ੇ ਘਾਹ ਜਾਂ ਹਰੇ ਅਚਾਰ ਦਾ ਬਦਲ ਨਹੀਂ ਹੋ ਸਕਦਾ ਹੈ।ਅਚਾਰ ਤਾਂ ਅਚਾਰ ਹੀ ਰਹੇਗਾ!
ਇੱਕ ਡਾਕਟਰ ਦੋਸਤ ਅਨੁਸਾਰ ਮਨੁੱਖਾਂ'ਚ ਇਹ ਅਚਾਰ ਵਾਲਾ ਦੁੱਧ ਪੀਣ ਨਾਲ ਫੰਗਸ ਦੀ ਬਿਮਾਰੀ ਦਾ ਖ਼ਤਰਾ ਬਣ ਸਕਦਾ ਹੈ।
ਤੁਹਾਡੇ ਬਾਪ ਤੇ ਦਾਦੇ ਨੂੰ ਪੁੱਛ ਕੇ ਕਮੈਂਟ ਕਰੋ ਕਿ ਉਹਨਾਂ ਵੇਲੇ ਮੱਝਾਂ ਚਰਾਉਣ ਵੇਲੇ ਦੁੱਧ ਦਾ ਉਹ 'ਕੁਦਰਤੀ ਮਿੱਠਾ' ਸਵਾਦ ਕਿਹੋ ਜਿਹਾ ਸੀ?
Jacknama - *ਜੈਕਨਾਮਾ*
No comments:
Post a Comment