"NAS ਕੇ ਨਾਸ?
"ਤੋਕੜ ਮੱਝ ਮਗਰ ਤਾਜ਼ਾ ਕਟੜੂ,
ਲੋਕੀ ਦੇਣ ਵਧਾਈਆਂ"
ਸਾਡੀ ਆਪਣੀ ਡੇਅਰੀ ਆ, 15 ਕੁ ਸਾਲ ਪਹਿਲਾਂ ਮੈ ਇੱਕ ਵਾਰ ਜਿਦ ਕਰਕੇ ਆਪਣੇ ਲਾਣੇਦਾਰ ਨਾਲ ਮੱਝਾਂ ਖਰੀਦਣ ਵਾਸਤੇ ਪਸ਼ੂਆਂ ਦੀ ਮੰਡੀ ਜਗਰਾਉਂ ਜੋ ਕਿ ਹਰ ਮਹੀਨੇ 08 ਤਰੀਕ ਨੂੰ ਲਗਦੀ ਹੈ ਜਾ ਵੜਿਆ, ਮੈਂ ਹਾਲੇ ਪਸ਼ੂ ਖਰੀਦਣ ਵਿੱਚ ਤੇ ਬੰਦਿਆਂ ਦੀ ਫਿਤਰਤ ਨੂੰ ਸਮਝਣ ਵਿੱਚ ਅਨਾੜੀ ਸੀ ਤੇ ਹੁਣ ਵੀ ਆਂ, ਮੇਰੇ ਪਿਤਾ ਜੀ ਨੇ ਮੈਨੂੰ ਸਮਝਾਇਆ ਕਿ ਮੇਰੇ ਪੁੱਛੇ ਬਿਨਾਂ ਕਿਸੇ ਮੱਝ ਜਾਂ ਗਾਂ ਦਾ ਕਿਸੇ ਨਾਲ ਸੌਦਾ ਨਾਂ ਕਰ ਲਵੀਂ, ਇੱਥੇ ਲੋਕ ਕਾਟੂ ਮਾਲ ਵੇਚ ਜਾਂਦੇ ਆ। ਮੈਂ ਮਨ ਬਣਾਇਆ ਕਿ ਸਾਰੀ ਪਸ਼ੂ ਮੰਡੀ ਫਿਰ ਤੁਰ ਕੇ ਦੇਖੀ ਜਾਵੇ, ਮੈਂ ਮੰਡੀ ਦਾ ਗੇੜਾ ਲਗਾਉਂਣਾ ਸ਼ੁਰੂ ਕੀਤਾ ਤੇ ਤਰਾਂ ਤਰਾਂ ਦੇ ਪਸ਼ੂ, ਮੱਝਾਂ, ਘੋੜੇ, ਗਾਂਈਆਂ, ਬੱਕਰੀਆਂ ਅਦਿ ਦੇਖੇ,। ਮੰਡੀ ਵਿੱਚ ਘੁੰਮਦਾ ਘੁੰਮਦਾ ਮੈਂ ਦੂਸਰੇ ਕਿਨਾਰੇ ਤੇ ਪਹੁੰਚ ਗਿਆ, ਉੱਥੇ ਬਹੁਤ ਸਾਰੀਆਂ ਭੇਡਾਂ ਦੇਖੀਆਂ, ਜਿੰਨਾ ਤੇ ਤਰਾਂ ਤਰਾਂ ਦੇ ਰੰਗ ਲੱਗੇ ਹੋਏ ਸਨ, ਮੇਰੀ ਉਤਸੁਕਤਾ ਜਾਗੀ, ਮੈਂ ਇੱਕ ਭੇਡਾ ਵੇਚਣ ਆਏ ਭੇਡਾਂ ਦੇ ਮਾਲਕ ਤੋਂ ਭੇਡਾਂ ਦੇ ਉੱਪਰ ਲਗਾਏ ਵੱਖ ਵੱਖ ਰੰਗਾਂ ਦਾ ਕਾਰਨ ਪੁੱਛਿਆ, ਉਸ ਨੇ ਦੱਸਿਆ, ' ਲਾਲ ਰੰਗ ਵਾਲੀਆਂ ਸਾਰੀਆਂ ਭੇਡਾਂ ਦਾ ਮਾਲਕ ਇੱਕ ਹੈ, ਹਰੇ ਰੰਗ ਵਾਲੀਆਂ ਦਾ ਦੂਸਰਾ, ਪੀਲੇ ਰੰਗ ਵਾਲੀਆਂ ਦਾ ਤੀਸਰਾ ਤੇ ਗੁਲਾਬੀ ਰੰਗ ਵਾਲੀਆਂ ਮੇਰੀਆਂ ਭੇਡਾ ਹਨ, ਉਸਨੇ ਦੱਸਿਆ ਕਿ ਰੰਗ ਭੇਡਾਂ ਤੇ ਇਸ ਕਰਕੇ ਲਗਾਇਆ ਜਾਂਦਾ ਹੈ ਕਿ ਭੇਡਾਂ ਆਪਸ ਵਿੱਚ ਨਹੀਂ ਮਿਲਦੀਆਂ ਤੇ ਆਪਣੇ ਰੰਗ ਵਾਲੇ ਝੁੰਡ ਵਿੱਚ ਹੀ ਰਹਿੰਦੀਆਂ ਹਨ,।
ਭੇਡਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਮੈਂ ਮੰਡੀ ਦੇ ਵਿਚਕਾਰ ਜਿੱਥੇ ਕਈ ਤਰ੍ਹਾਂ ਦੀਆਂ ਮੱਝਾਂ ਸਨ ਵਿਕਣ ਵਾਸਤੇ ਆਈਆਂ ਸਨ ਪਹੁੰਚ ਗਿਆ, ਵੈਸੇ ਮੇਰੇ ਪਿਤਾ ਨੇ ਕਿਸੇ ਪਸੂ ਦਾ ਸੌਦਾ ਨਾ ਕਰਨ ਬਾਰੇ ਮੈਨੂੰ ਹਦਾਇਤ ਕੀਤੀ ਸੀ, ਪਰ ਮੈਂ ਆਪਣੀ ਜਾਣਕਾਰੀ ਵਧਾਉਣ ਲਈ ਮੱਝਾਂ ਦਾ ਸੌਦਾ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ, ਅਖੀਰ ਇੱਕ ਚੰਗੇ ਲੇਵੇ ਵਾਲੀ ਕੁੰਡੀਆਂ ਸਿੰਗਾਂ ਤੇ ਲੰਬੀ ਪੂਸ਼ ਵਾਲੀ ਮੱਝ ਮੇਰੇ ਪਸੰਦ ਆ ਗਈ ਜੋ ਲਸ਼ ਲਸ਼ ਕਰਦੀ ਚਮਕ ਰਹੀ ਸੀ ਜਿਸ ਤੇ ਮੱਖੀ ਬੈਠੀ ਵੀ ਤਿਲਕ ਰਹੀ ਸੀ , ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ, ਪਿਤਾ ਦੀ ਨਸੀਹਤ ਭੁੱਲ ਕੇ ਸੌਦਾ ਕਰਨਾ ਸ਼ੁਰੂ ਕੀਤਾ, ਮੱਝ ਦੀਆਂ ਧਾਰਾਂ ਮਾਰ ਕੇ ਦੇਖੀਆਂ ਚਾਰੇ ਥਣ ਸਹੀ ਸਨ ਕੋਈ ਕਾਣ ਨਹੀਂ ਸੀ, ਵੇਚਣ ਵਾਲੇ ਵਿਉਪਾਰੀ ਨੇ ਦੱਸਿਆ ਕਿ ਮੱਝ ਤੀਸਰੇ ਸੂਏ ਆ ਤੇ ਹਫਤਾ ਪਹਿਲਾਂ ਕੱਟਾ ਦਿੱਤਾ ਹੈ। ਮੈਨੂੰ ਮੱਝ ਪਸੰਦ ਆ ਗਈ ਤੇ ਮੈਂ 50,000 ਵਿੱਚ ਸੌਦਾ ਕਰ ਲਿਆ ਤੇ ਬੜੇ ਮਾਣ ਨਾਲ ਆਪਣੇ ਪਿਤਾ ਨੂੰ ਦੱਸਿਆ ਕਿ ਦੇਖੋ ਮੈਂ ਕਿੰਨਾ ਵਧੀਆ ਸੌਦਾ ਕੀਤਾ ਹੈ, ਬਾਚਾਰੇ ਪਿਤਾ ਨੇ ਵੀ ਹੁਣ ਮੱਝ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ, ਅਸੀਂ ਮੱਝ ਫੋਰਵੀਲਰ ਵਿੱਚ ਚੜੵਾਈ ਤੇ ਘਰ ਲੈ ਆਂਦੀ।
ਮੱਝ ਦੀ ਸ਼ਕਲ ਸੂਰਤ ਦੇਖ ਕੇ ਤੇ ਮੇਰੇ ਘਰ ਦੇ ਸਾਰੇ ਜੀਅ ਬੜੇ ਖੁਸ਼ ਸਨ ਕਿ ਸਾਡੇ ਮੁੰਡੇ ਨੂੰ ਪਸ਼ੂਆਂ ਦਾ ਸੌਦਾ ਕਰਨਾ ਆ ਗਿਆ।
ਇੱਕ ਡੰਗ ਮੱਝ ਚੋਈ ਤਾਂ ਉਸ ਨੇ ਦੋ ਬਾਲਟੀਆਂ ਦੁੱਧ ਦੀਆਂ ਭਰ ਦਿੱਤੀਆਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ,
ਅਚੰਬਾ ਉਸ ਸਮੇਂ ਹੋਇਆ ਜਦੋਂ ਸਵੇਰ ਵੇਲੇ ਮੱਝ ਚੋਣ ਲਈ ਕਟਰੂ ਛੱਡਿਆ ਤਾਂ ਮੱਝ ਨੇ ਉਸ ਨੂੰ ਝੱਲਣ ਤੋਂ ਹੀ ਇਨਕਾਰ ਕਰ ਦਿੱਤਾ, ਬਥੇਰੇ ਪੇੜੇ ਪਾਏ, ਆਟਾ ਬੂਰਆ, ਪਰ ਮੱਝ ਨੇ ਆਪਣੇ ਥਣਾ ਨੂੰ ਹੱਥ ਤੱਕ ਨਾ ਲਗਾਉਂਣ ਦਿੱਤਾ।
ਜਦ ਤੱਕ ਮੇਰਾ ਇਕ ਵਿਪਾਰੀ ਚਾਚਾ ਮੱਝ ਦੇਖਣ ਆ ਗਿਆ ਤੇ ਆਉਂਦੇ ਸਾਰ ਹੀ ਬੋਲਿਆ, " ਆਹ ਤੋਂਕਰ੍ਹ ਮੱਝ ਲਿਆਂਦੀ ਮੰਡੀ ਵਿਚੋਂ ?
ਇਹ ਕੱਟਰੂ ਵੀ ਇਸਦਾ ਨਹੀਂ ਹੈ ਵੇਚਣ ਲਈ ਮਗਰ ਲਗਿਆ ਹੋਇਆ ਹੈ।
ਮੇਰੇ ਪਿਤਾ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਸਾਡੇ ਨਵੇਂ ਵਿਪਾਰੀ ਦੀ ਖਰੀਦ ਹੈ। 😒😒
ਮੈਂ ਆਪਣੀ ਖਰੀਦਦਾਰੀ ਤੇ ਪਛਤਾਉਂਦਾ ਤੇ ਵਪਾਰੀਆਂ ਦੀਆਂ ਚਲਾਕੀਆਂ ਤੇ ਵਿਚਾਰਾਂ ਕਰਦਾ ਜੋ ਪੁਰਾਣੇ ਮਾਲ ਨੂੰ ਵੀ ਨਵਾਂ ਕਰਕੇ ਵੇਚਣਾ ਜਾਣਦੇ ਆ, ਤੇ ਸ਼ਰੇਆਮ ਅੱਖੀਁ ਘੱਟਾ ਪਾਉਂਣ ਦੀ ਮੁਹਾਰਤ ਰੱਖਦੇ ਆ ਆਦਿ ਆਦਿ ਮੈਂ ਘਰ ਪਹੁੰਚ ਗਿਆ।
ਘਰ ਪਹੁੰਚਦਿਆਂ ਹੀ ਮੇਰੇ ਆਂਡ ਗੁਆਂਡ ਦੇ ਲੋਕ ਨਵੀਂ ਖਰੀਦੀ ਮੱਝ ਦੀਆਂ ਵਧਾਈਆਂ ਦੇਣ ਵਾਸਤੇ ਇਕੱਠੇ ਹਏ ਸਨ ਤੇ ਮੇਰੀ ਮਾਤਾ ਉਹਨਾ ਦੀ ਟਹਿਲ ਸੇਵਾ ਕਰਨ ਲਈ ਚਾਹ ਬਣਾਈ ਬੈਠੀ ਸੀ,
ਗੁਆਂਢੀ ਮੈਨੂੰ ਵਧਾਈਆਂ ਦੇ ਰਹੇ ਸਨ ਤੇ ਮੈਂ ਅੰਦਰੋਂ ਅੰਦਰੀ ਆਪਣੀ ਖਰੀਦ ਤੇ ਪਛਤਾ ਰਿਹਾ ਸੋਚ ਰਿਹਾ ਸੀ ਕਿ "ਤੋਂਕੜ ਮੱਝ ਨੂੰ ਨਵਾਂ ਕਟਰੂ ਲਗਾ ਕੇ ਵੇਚਣ ਵਾਲੇ ਵਿਪਾਰੀ ਅੱਜ ਕਿੰਨਾ ਖੁਸ਼ ਹੋਣਗੇ।"
😒😒😒😒😒😒😒😒
ਕੱਲ ਫੇਰ ਮੇਰੇ ਕੰਨਾਂ ਵਿੱਚ ਫੇਰ ਵਧਾਈਆਂ ਦੀ ਅਵਾਜ਼ ਪਈ, "ਮਾਸਟਰ ਜੀ ਵਧਾਈਆਂ, ਪੰਜਾਬ ਦਾ ਸਿੱਖਿਆ ਵਿਭਾਗ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਭਾਰਤ ਵਿਚੋਂ ਪਹਿਲੇ ਸਥਾਨ ਤੇ ਆਇਆ"
ਮੈਂ ਇੱਕ ਦਮ ਹਿੱਲ ਗਿਆ ਤੇ ਮੈਨੂੰ ਪੰਦਰ੍ਹਾਂ ਸਾਲ ਪਹਿਲਾਂ ਜਗਰਾਉਂ ਮੰਡੀ ਤੋਂ ਖਰੀਦੀ ਮੱਝ ਦੀਆਂ ਵਧਾਈਆਂ ਚੇਤੇ ਆ ਗਈਆਂ।
ਹੁਣ ਕਿਵੇਂ ਦੱਸੀਏ ਕਿ ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਵੀ ਜਗਰਾਉਂ ਮੰਡੀ ਵਾਲ਼ੀ ਹੋਈ ਪਈ ਆ।
ਹਾਂ, ਜਿਹਨਾਂ ਬਿਚਾਰਿਆਂ ਨੂੰ, ਸਿੱਖਿਆ ਦੇ ਵਿਉਪਾਰੀ ਬਾਰੇ ਗਿਆਨ ਨਹੀਂ, ਕਿ
"ਉਹ ਬੜਾ ਸੈਤਾਨ ਜਾਦੂਗਰ ਹੈ,
ਹਸੀਨ ਸਪਨੇ ਦਿਖਾਤਾ ਹੈ ਔਰ ਆਖੇ ਛੀਨ ਲੇਤਾ ਹੈ"😒
ਉਹ ਇਸ ਨੂੰ ਹੀ ਕੀਰਤੀ ਮਾਨ ਸਮਝੀ ਬੈਠੇ ਆ ਤੇ ਵਧਾਈਆਂ ਵਧਾਈਆਂ ਦਾ ਦੌਰ ਚਲਾਇਆ ਜਾ ਰਿਹਾ ਹੈ, ਪਰ ਮੇਰੇ ਵਰਗੇ ਬਹੁਤਿਆਂ ਦੇ ਗਲ਼ੇ ਇਹ ਵਧਾਈਆਂ ਉੱਤਰ ਨਹੀਂ ਰਹੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵਧਾਈਆਂ ਤੇ ਅਸਲ ਹਕੀਕਤਾਂ ਵਿੱਚ ਤਾਂ ਜਮੀਨ ਅਸਮਾਨ ਦਾ ਫਰਕ ਹੈ।
ਹਾਂ, ਮੰਡੀ ਵਿੱਚ ਦੇਖੀਆਂ ਰੰਗ ਲੱਗੀਆਂ ਭੇਡਾਂ ਦੀ ਗੱਲ ਰਹਿ ਗਈ ਸੀ ਆਜੜੀ ਕਹਿੰਦਾ ਸੀ, ਕਿ ਉਹ ਹਮੇਸ਼ਾ ਮਾਲਕਾਂ ਦੀਆਂ ਵਫ਼ਾਦਾਰ ਹੁੰਦੀਆਂ ਹਨ।
ਹਾਂ, ਲੋਕ ਕਿੰਨੇ ਵਫਾਦਾਰ ਆ,ਫਰਜ਼ੀ ਅੰਕੜਿਆਂ ਦਾ ਕੰਮ ਵੀ ਇੱਥੇ ਬਹਤੀ ਇਮਾਨਦਾਰੀ ਨਾਲ ਹੀ ਕਰਦੇ ਆ, ਉਹ ਜਰੂਰ ਕਬੂਲ ਕਰਨ,
ਵਧਾਈਆਂ!
ਵਧਾਈਆਂ!
ਵਧਾਈਆਂ!
😷😷😷😷😷😷😷😷
ਤੁਹਾਡਾ ਆਪਣਾ
ਕਰਨੈਲ ਫਿਲੌਰ
98147-13083
ਨੋਟ:- ਇਹ ਤਿੰਨ ਸਾਲ ਪਹਿਲਾਂ ਵਿਅੰਗ ਲਿਖਿਆ ਸੀ jo ਅੱਜ ਵੀ ਢੁੱਕਦਾ ਹੈ, ਅੱਜ ਵੀ ਸਮਰੱਥ, CE ਟੈਸਟ ਤੇ ਹੋਰ ਅਕਾਊ ਪ੍ਰੋਜੈਕਟ ਚੱਲ ਰਹੇ ਹਨ ਤੇ ਸਿੱਖਿਆ ਦੇ ਵਿੱਚ ਇਨਕਲਾਬ ਪੂਰਾ ਚਰਮ ਸੀਮਾ ਤੇ ਹੈ..... 😂।
No comments:
Post a Comment