ਸਿਹਤ ਸੰਬੰਧੀ ਦੋਹੇ

ਗੁੜ ਪਾਣੀ ਵਿੱਚ ਸੁੱਟ ਕੇ,

ਰੱਖੋ ਸਾਰੀ ਰਾਤ।

ਪੁਣ ਕੇ ਪੀਵੋ ਜੀ ਸੁਬ੍ਹਾ,

ਇਹ ਹੈ ਸਿਹਤ ਸੌਗ਼ਾਤ।


ਧਨੀਆ-ਪੱਤੀ ਮਸਲ ਕੇ,

ਜੋ ਬੂੰਦਾਂ ਪਾ ਲੈਣ।

ਨੈਨ ਕਦੇ ਵੀ ਨਾ ਦੁਖਣ,

ਤੰਦਰੁਸਤ ਹੀ ਰਹਿਣ।


ਭੋਜਨ ਕਰ ਕੇ ਰਾਤ ਨੂੰ,

ਟਹਿਲੋ ਕਦਮ ਹਜ਼ਾਰ।

ਕਿਸੇ ਵੈਦ ਦੇ ਕੋਲ ਤੂੰ,

ਫਿਰ ਨਾ ਗੇੜਾ ਮਾਰ।


ਉੱਠ ਸਵੇਰੇ ਜਲ ਛਕੋ,

ਬਸ ਦੋ ਤਿੰਨ ਗਲਾਸ।

ਕਰ ਦਿੰਦਾ ਇਹ ਨੀਰ ਹੀ,

ਸੌ ਰੋਗਾਂ ਦਾ ਨਾਸ।


ਤਾਕਤ ਮਿਲਦੀ ਢੇਰ ਹੀ,

ਪੀਵੋ ਕੋਸਾ ਨੀਰ।

ਕਬਜ਼ੀ ਹੋਵੇ ਖ਼ਤਮ ਤੇ 

ਨਿੱਗਰ ਬਣੇ ਸਰੀਰ।


ਸਹਿਜੇ ਸਹਿਜੇ ਨੀਰ ਪੀ,

ਕਰੇ ਤਣਾਅ ਨੂੰ ਦੂਰ।

ਚਰਬੀ, ਗੈਸ, ਤੇਜਾਬ ਨੂੰ,

ਕਰਦਾ ਚਕਨਾਚੂਰ।


ਸੁਬ੍ਹਾ ਫ਼ਲਾਂ ਦਾ ਰਸ ਲਵੋ, 

ਲੱਸੀ ਸਿਖ਼ਰ ਦੁਪਹਿਰ।

ਛਕਣਾ ਹੈ ਦੁੱਧ ਰਾਤ ਨੂੰ,

ਰੋਗ ਸਕੇ ਨਾ ਠਹਿਰ।


ਸੁਬ੍ਹਾ ਦੁਪਹਿਰੇ ਹੀ ਲਵੋ, 

ਢਿੱਡ ਭਰ ਕੇ ਆਹਾਰ।

ਅੱਧਾ ਘੰਟਾ ਨੀਂਦ ਲੈ,

ਮੌਜ ਮਨਾਅ ਫਿਰ ਯਾਰ।


ਭੋਜਨ ਭੋਇੰ 'ਤੇ ਬੈਠ ਕੇ,

ਛਕੋ ਚੌਂਕੜੀ ਮਾਰ।

ਖਾਵੋ ਰੋਟੀ ਚਿੱਥ ਕੇ,

ਠੀਕ ਰਹੇਗਾ ਭਾਰ।


ਠੰਡਾ ਪਾਣੀ ਪੀਵਣਾ,

ਰੋਗਾਂ ਦਾ ਹੈ ਮੂਲ।

ਕਰੇ ਹਾਜ਼ਮੇ ਦੀ ਸਦਾ, 

ਵਿੰਙੀ ਟੇਢੀ ਚੂਲ।


ਦੇਰ ਰਾਤ ਤਕ ਜਾਗਣਾ,

ਬਣਦਾ ਰੋਗ ਜੰਜਾਲ।

ਬਦਹਜ਼ਮੀ ਵੀ ਇਹ ਕਰੇ,

ਰੱਖੇ ਜਿਸਮ ਨਿਢਾਲ।


ਅਲਸੀ, ਤਿਲ ਤੇ ਨਾਰੀਅਲ,

ਆਮ ਸਰੋਂ ਦਾ ਤੇਲ।

ਇਸ ਦੀ ਵਰਤੋਂ ਜੇ ਕਰੋਂ,

ਦਿਲ ਨਾ ਹੋਊ ਫੇਲ।


ਖਾ ਸੁਬ੍ਹਾ ਖੋਹ-ਖਿੰਝ ਕੇ,

ਛਕੋ ਦੁਪਹਿਰੇ ਵੰਡ।

ਤਜ ਕੇ ਭੋਜਨ ਰਾਤ ਦਾ,

ਪਾ ਮਿਹਦੇ ਨੂੰ ਠੰਢ।


ਨਿੱਤ ਮੁਲੱਠੀ ਚੂਸ ਲੈ,

ਕਫ਼ ਆਵੇਗੀ ਬਾਹਰ।

ਹੋਵੇ ਕੰਠ ਸੁਰੀਲੜਾ,

ਫ਼ਾਇਦੇ ਹੋਰ ਹਜ਼ਾਰ।


ਤੱਤੇ ਪਾਣੀ ਨਾਲ ਨਾ,

ਕਰੋ ਕਦੀ ਇਸ਼ਨਾਨ।

ਆਤਮ-ਬਲ ਇਸ ਥੀਂ ਘਟੇ,

ਅੱਖਾਂ ਦਾ ਨੁਕਸਾਨ।


ਦਰਦ, ਫੱਟ, ਫੋੜੇ, ਚੁਭਨ,

ਸੋਜਾ, ਫਿੰਨਸੀ, ਚੋਟ।

ਘੰਟਾ ਚੁੰਬਕ ਧਰ ਲਵੋ,

ਆ ਜਾਵੇਗਾ ਲੋਟ।


ਚੇਤ ਮਹੀਨੇ ਨਿੱਤ ਜੋ,

ਨਿੰਮ ਪਪੀਸੀ ਖਾਣ।

ਡੇਂਗੂ, ਤਾਪ, ਮਲੇਰੀਆ,

ਨੇੜ ਕਦੇ ਨਾ ਆਣ।


ਉੱਠ ਸਵੇਰੇ ਸੈਰ ਕਰ,

ਲੰਬੇ ਖਿੱਚ ਸਵਾਸ।

ਰੱਤ ਸ਼ੁੱਧ ਰਹਿੰਦੀ ਇਸ ਤਰ੍ਹਾਂ,

ਜੋ ਜੀਵਨ ਦੀ ਰਾਸ।


ਹਫ਼ਤੇ ਮਗਰੋਂ ਇੱਕ ਦਿਨ,

ਭੁੱਖਾ ਰਹਿ ਕੇ ਸਾਰ।

ਵੇਖੀਂ ਹੁੰਦਾ ਕਿਸ ਤਰ੍ਹਾਂ,

ਤੇਰਾ ਸਿਹਤ ਸੁਧਾਰ।


ਜੇ ਜਿਸਮਾਨੀ ਕੰਮ ਨਾ, 

ਕਰ ਲੈ ਭੋਰਾ ਯੋਗ।

ਇਸ ਦੇ ਨਾਲ ਵੀ ਟੁੱਟਦੇ,

ਮਾੜੇ ਮੋਟੇ ਰੋਗ।


ਫਿੰਨਸੀ ਉੱਤੇ ਬੈਠ ਜੇ,

ਮੱਖੀ ਕਰਦੀ ਤੰਗ।

ਕਰ ਦਿਓ ਲੇਪ ਰਸੌਂਤ ਦਾ,

ਮੁੱਕ ਜਾਵੇਗੀ ਜੰਗ।


ਫ਼ਲ ਜਾਂ ਮਿੱਠਾ ਖਾਣ ਤੋਂ,

ਬਾਅਦ ਛਕੋ ਨਾ ਨੀਰ।

ਦੇਸੀ ਨੁਸਖ਼ੇ ਲਿਖ ਧਰੇ,

ਵਰਤੋ ਭੈਣਾਂ-ਵੀਰ।

          

        WhatsApp Copy 🙏🏻


No comments:

Post a Comment